“ਸਿੰਘ ਇਜ਼ ਕਿੰਗ”

ਫ਼ਿਲਮ ‘ਸਿੰਘ ਇਜ਼ ਕਿੰਗ’ ’ਚ ਅਕਸ਼ੈ ਕੁਮਾਰ ਨੂੰ ਪਤਿਤ ਦੀ
 ਥਾਂ ਸੰਪੂਰਨ ਸਿੱਖੀ ਸਰੂਪ ਵਿਚ ਪੇਸ਼ ਕੀਤਾ ਜਾਵੇਗਾ

ਜਲੰਧਰ, 12 ਜੂਨ (ਪ੍ਰਿਤਪਾਲ ਸਿੰਘ)-ਅੰਤਰਰਾਸ਼ਟਰੀ ਮਨੁੱਖੀ ਅਧਿਕਾਰ ਸੰਗਠਨ ਦੇ ਚੇਅਰਮੈਨ ਡੀ. ਐਸ. ਗਿੱਲ ਅਤੇ ਸਿੱਖ ਮਾਮਲਿਆਂ ਬਾਰੇ ਕੁਆਰਡੀਨੇਟਰ ਜੀ. ਐਸ. ਲਾਂਬਾ (ਸੰਤ ਸਿਪਾਹੀ) ਵੱਲੋਂ ਜਾਰੀ ਪ੍ਰੈਸ ਨੋਟ ਅਨੁਸਾਰ ਇਸ ਵਾਰ ਮੁੰਬਈ ਦੇ ਸਿੱਖਾਂ ਨੇ ਉਹ ਕਰ ਵਿਖਾਇਆ ਹੈ ਜੋ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵੀ ਨਹੀਂ ਕਰ ਸਕੀ। ਮਿਲੀ ਜਾਣਕਾਰੀ ਅਨੁਸਾਰ ਹਮੇਸ਼ਾ ਫ਼ਿਲਮਾਂ ਵਿਚ ਸਿੱਖ ਦਾ ਸਰੂਪ ਵਿਗਾੜ ਕੇ ਉਸ ਨੂੰ ਪਤਿਤ ਅਤੇ ਕਾਰਟੂਨ ਰੂਪ ਵਿਚ ਪੇਸ਼ ਕੀਤਾ ਜਾਂਦਾ ਰਿਹਾ ਹੈ। ਜਿਵੇਂ ਪਿੱਛੇ ਜਿਹੇ ‘ਬੋਲੇ ਸੋ ਨਿਹਾਲ’, ‘ਸਦੀਆਂ’ ਅਤੇ ‘ਹਸਤੇ ਹਸਤੇ’ ਫ਼ਿਲਮਾਂ ਵਿਚ ਹੋਇਆ ਲੇਕਿਨ ਐਤਕੀਂ ਪਹਿਲੀ ਵਾਰੀ ਫ਼ਿਲਮ ‘ਸਿੰਘ ਇਜ਼ ਕਿੰਗ’ ਜਿਸ ਦੇ ਨਿਰਮਾਤਾ ਵਿਪੁਲ ਸ਼ਾਹ ਹਨ, ਵਿਚ ਸਿੱਖ ਦੇ ਕਿਰਦਾਰ ਨੂੰ ਠੀਕ ਕਰਵਾਉਣ ਦਾ ਮਾਮਲਾ ਮੁੰਬਈ ਦੇ ਸਿੱਖਾਂ ਨੇ ਆਪਣੇ ਹੱਥ ਲੈ ਕੇ ਮੈਦਾਨ ਜਿੱਤ ਲਿਆ। ਇਥੇ ਵਰਨਣਯੋਗ ਹੈ ਕਿ ਫ਼ਿਲਮ ‘ਸਿੰਘ ਇਜ਼ ਕਿੰਗ’ ਵਿਚ ਫ਼ਿਲਮ ਸਟਾਰ ਅਕਸ਼ੈ ਕੁਮਾਰ ਨੂੰ ਪਤਿਤ ਸਿੱਖ ਦੇ ਰੂਪ ਵਿਚ ਪੇਸ਼ ਕੀਤਾ ਗਿਆ ਤੇ ਉਸ ਦੀ ਦਾੜ੍ਹੀ ਕਤਰੀ ਵਿਖਾਈ ਗਈ ਸੀ ਜੋ ਸਿੱਖੀ ਸਰੂਪ ਅਤੇ ਸਿੱਖੀ ਦੇ ਸਿਧਾਂਤ ਦੇ ਵਿਰੁੱਧ ਹੈ। ਸੋ ਜਦੋਂ ਮੁੰਬਈ ਦੇ ਸਿੱਖਾਂ ਨੂੰ ਇਸ ਬਾਰੇ ਜਾਣਕਾਰੀ ਮਿਲੀ ਤਾਂ ਉਹ ਇਕੱਠੇ ਹੋ ਕੇ ਫਿਲਮ ਨਿਰਮਾਤਾ ਵਿਪੁਲ ਸ਼ਾਹ ਨੂੰ ਮਿਲੇ ਤੇ ਉਨ੍ਹਾਂ ਨੂੰ ਫ਼ਿਲਮ ਵਿਚ ਅਕਸ਼ੈ ਕੁਮਾਰ ਦੇ ਪਤਿਤ ਸਰੂਪ ਨੂੰ ਠੀਕ ਕਰਕੇ ਸਿੱਖ ਸਰੂਪ ਵਿਚ ਪੇਸ਼ ਕਰਨ ’ਤੇ ਜ਼ੋਰ ਦਿੱਤਾ। ਇਸ ’ਤੇ ਵਿਪੁਲ ਸ਼ਾਹ ਨੇ ਆਪਣੀ ਗ਼ਲਤੀ ਦਾ ਅਹਿਸਾਸ ਕਰਦਿਆਂ ਹਲਫ਼ੀਆ ਬਿਆਨ ਰਾਹੀਂ ਸਿੱਖਾਂ ਨੂੰ ਵਿਸ਼ਵਾਸ ਦਿਵਾਇਆ ਕਿ ਉਹ ਗ਼ਲਤੀ ਦੀ ਹਰ ਹਾਲਤ ਵਿਚ ਸੁਧਾਈ ਕਰਨਗੇ ਤੇ ਉਹ ਅਕਸ਼ੈ ਕੁਮਾਰ ਨੂੰ ਪੁੂਰਨ ਸਿੱਖੀ ਸਰੂਪ ਵਿਚ ਵਿਖਾਉਣਗੇ। ਉਨ੍ਹਾਂ ਦੱਸਿਆ ਕਿ ਜਿਹੜੇ ਦ੍ਰਿਸ਼ ਫ਼ਿਲਮਾਏ ਗਏ ਹਨ, ਉਹ ਤੇ ਨਹੀਂ ਬਦਲੇ ਜਾਣਗੇ ਲੇਕਿਨ ਉਹ ਅਖੀਰ ਵਿਚ ਇਕ ਇਹ ਦ੍ਰਿਸ਼ ਸ਼ਾਮਿਲ ਕਰਨਗੇ ਜਿਸ ਵਿਚ ਅਕਸ਼ੈ ਕੁਮਾਰ ਖੁਦ ਪਤਿਤ ਹੋਣ ਦੀ ਕੀਤੀ ਗ਼ਲਤੀ ਦਾ ਅਹਿਸਾਸ ਕਰਦਿਆਂ ਆਪਣੀ ਦਾੜ੍ਹੀ ਵਧਾ ਕੇ ਪੂਰਨ ਸਿੱਖੀ ਸਰੂਪ ਵਿਚ ਸਕਰੀਨ ’ਤੇ ਆਵੇਗਾ। ਸੋ ਫ਼ਿਲਮ ਦੇ ਅਖੀਰ ਵਿਚ ਉਸ ਨੂੰ ਪੂਰਨ ਸਿੱਖੀ ਸਰੂਪ ਵਿਚ ਵਿਖਾਇਆ ਜਾਵੇਗਾ। ਵਿਪੁਲ ਸ਼ਾਹ ਨੇ ਸ: ਲਾਂਬਾ ਨੂੰ ਟੈਲੀਫੋਨ ’ਤੇ ਇਥੋਂ ਤੱਕ ਕਿਹਾ ਕਿ ਉਹ ਸਿੱਖਾਂ ਦਾ ਪੂਰਨ ਮਾਣ ਸਤਿਕਾਰ ਕਰਦੇ ਹਨ। ਉਨ੍ਹਾਂ ਦੀ ਸਿੱਖੀ ਸਰੂਪ ਨੂੰ ਗ਼ਲਤ ਰੂਪ ਵਿਚ ਪੇਸ਼ ਕਰਨ ਦੀ ਕੋਈ ਮਨਸ਼ਾ ਨਹੀਂ ਸੀ। ਉਨ੍ਹਾਂ ਇਸ ਗੱਲ ’ਤੇ ਹੈਰਾਨੀ ਪ੍ਰਗਟਾਈ ਕਿ ਉਨ੍ਹਾਂ ਦੀ ਟੀਮ ਵਿਚ ਤਿੰਨ ਸਿੱਖ ਮੈਂਬਰ ਹੋਣ ਦੇ ਬਾਵਜੂਦ ਉਨ੍ਹਾਂ ਕਦੇ ਇਸ ਬਾਰੇ ਮੇਰੇ ਕੋਲ ਇਤਰਾਜ਼ ਨਹੀਂ ਕੀਤਾ। ਮੁੰਬਈ ਦੇ ਜਿਨ੍ਹਾਂ ਸਿੱਖਾਂ ਨੇ ਫ਼ਿਲਮ ਨਿਰਮਾਤਾ ਨੂੰ ਮਿਲ ਕੇ ਇਹ ਮਾਅਰਕਾ ਮਾਰਿਆ ਉਨ੍ਹਾਂ ਵਿਚ ਸ਼੍ਰੋਮਣੀ ਕਮੇਟੀ ਦੇ ਸਾਬਕਾ ਸਕੱਤਰ ਡਾ: ਗੁਰਬਚਨ ਸਿੰਘ ਬਚਨ, ਗੁਰਮਤਿ ਮਿਸ਼ਨਰੀ ਕਾਲਜ ਮੁੰਬਈ ਦੇ ਸ: ਜਸਪਾਲ ਸਿੰਘ, ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਮੁੰਬਈ ਦੇ ਸ: ਕੁਲਵੰਤ ਸਿੰਘ, ਸ: ਦਵਿੰਦਰ ਸਿੰਘ ਤੇ ਸ: ਪਰਮਿੰਦਰ ਸਿੰਘ ਚੰਡੋਕ ਆਦਿ ਸ਼ਾਮਿਲ ਹਨ। ਫ਼ਿਲਮ ਨਿਰਮਾਤਾ ਸ੍ਰੀ ਵਿਪੁਲ ਸ਼ਾਹ ਨੇ ਇਹ ਯਕੀਨ ਦਿਵਾਇਆ ਕਿ ਉਹ ਸਿੱਖ ਭਾਈਚਾਰੇ ਨੂੰ ਸਾਰੀ ਫ਼ਿਲਮ ਵਿਖਾ ਕੇ ਉਨ੍ਹਾਂ ਦੀ ਮੁਕੰਮਲ ਤਸੱਲੀ ਕਰਵਾਉਣ ਉਪਰੰਤ ਮਾਰਕੀਟ ਵਿਚ ਰਿਲੀਜ਼ ਕਰਨਗੇ। ਉਨ੍ਹਾਂ ਇਹ ਵੀ ਕਿਹਾ ਕਿ ਅਕਸ਼ੈ ਕੁਮਾਰ ਦੇ ਪੋਸਟਰ ਸੰਪੂਰਨ ਸਿੱਖੀ ਸਰੂਪ ਵਾਲੇ ਹੀ ਰਿਲੀਜ਼ ਕੀਤੇ ਜਾਣਗੇ। ਡੀ. ਐਸ. ਗਿੱਲ ਤੇ ਸ: ਜੀ. ਐਸ. ਲਾਂਬਾ ਨੇ ਮੁੰਬਈ ਦੇ ਪ੍ਰਮੁੱਖ ਸਿੱਖਾਂ ਨੂੰ ਇਸ ਜਿੱਤ ਲਈ ਵਧਾਈ ਦਿੱਤੀ ਤੇ ਸ੍ਰੀ ਵਿਪੁਲ ਸ਼ਾਹ ਵੱਲੋਂ ਵਿਖਾਈ ਖੁਲ੍ਹਦਿਲੀ ਲਈ ਉਨ੍ਹਾਂ ਦੀ ਸ਼ਲਾਘਾ ਕੀਤੀ। ਉਨ੍ਹਾਂ ਕਿਹਾ ਕਿ ਉਨ੍ਹਾਂ ਦੀ ਜਥੇਬੰਦੀ ਵੱਲੋਂ ਛੇਤੀ ਇਕ ਪੱਕਾ ਫ਼ਿਲਮ ਸੈਂਸਰ ਬੋਰਡ ਬਣਾਇਆ ਜਾਵੇਗਾ ਜੋ ਫ਼ਿਲਮਾਂ ਵਿਚ ਸਿੱਖ ਕਲਾਕਾਰਾਂ ਨੂੰ ਸਿੱਖੀ ਸਰੂਪ ਵਿਚ ਹੀ ਪੇਸ਼ ਕਰਵਾਏਗਾ, ਕਾਰਟੂਨਾਂ ਵਾਲੇ ਸਰੂਪ ਪੇਸ਼ ਨਹੀਂ ਕਰਨ ਦੇਣਗੇ। ਉਨ੍ਹਾਂ ਕਿਹਾ ਕਿ ਇਸ ਫੈਸਲੇ ਨਾਲ ਅੱਗੇ ਤੋਂ ਬਾਲੀਵੁੱਡ ਵਾਲੇ ਵੀ ਸਿੱਖਾਂ ਬਾਰੇ ਫ਼ਿਲਮ ਬਣਾਉਣ ਤੋਂ ਪਹਿਲਾਂ ਚੰਗੀ ਤਰ੍ਹਾਂ ਸੋਚਿਆ ਕਰਨਗੇ।

(news courtesy ”www.ajitjalandhar.com”) 

ਵਿਪੁਲ ਸ਼ਾਹ ਵਲੋਂ ਮੁੰਬਈ ਅਦਾਲਤ ਵਿਚ ਦਿਤੇ ਹਲਫ਼ੀਆ ਬਿਆਨ ਦੀ ਕਾਪੀ

Tags: , ,

Leave a comment