ਸ੍ਰ. ਗੁਰਚਰਨਜੀਤ ਸਿੰਘ ਲਾਂਬਾ (ਐਡੀਟਰ, ਸੰਤ ਸਿਪਾਹੀ)
ਆਜ਼ਾਦੀ ਹਰ ਇਨਸਾਨ ਲਈ ਇਕ ਨਿਆਮਤ ਅਤੇ ਰੱਬੀ ਬਖਸ਼ਿਸ਼ ਹੈ। ਗੁਲਾਮੀ ਇਕ ਕਲੰਕ ਤ੍ਰਾਸਦੀ ਅਤੇ ਨਰਕ ਹੈ। ਹਰ ਪਸ਼ੂ, ਪੰਖੀ, ਇਨਸਾਨ ਆਜ਼ਾਦੀ ਦਾ ਰੰਗ ਮਾਣਨਾ ਚਾਹੁੰਦਾ ਹੈ। ਹਰ ਜ਼ਿੰਦਾ ਕੌਮ ਗੁਲਾਮੀ ਦੀਆਂ ਬੇੜੀਆਂ ਤੋੜ ਦੇਣੀਆਂ ਚਾਹੁੰਦੀ ਹੈ। ਪਿੰਜਰਾ ਭਾਵੇਂ ਸੋਨੇ ਦਾ ਹੀ ਕਿਉਂ ਨਾ ਹੋਵੇ, ਜ਼ਮੀਰ ਵਾਲੇ ਇਨਸਾਨ ਨੂੰ ਪ੍ਰਵਾਨ ਨਹੀਂ ਹੁੰਦਾ।
ਪਰ ਗੁਲਾਮੀ ਦੇ ਵੀ ਦੋ ਆਯਾਮ ਹਨ। ਸਰੀਰਕ ਗੁਲਾਮੀ ਤੇ ਆਤਮਿਕ ਗੁਲਾਮੀ। ਮਾਨਵਤਾ ਦੇ ਇਤਿਹਾਸ ਨੇ ਵੇਖਿਆ ਹੈ ਕਿ ਕਈ ਵੇਰ ਸਰੀਰਕ ਗੁਲਾਮੀ ਦੀਆਂ ਜ਼ੰਜੀਰਾਂ ਵਿਚ ਜਕੜੇ ਜਾਣ ਦੇ ਬਾਵਜੂਦ ਜਿਹਨਾਂ ਦੀ ਜ਼ਮੀਰ, ਆਤਮਾ ਤੇ ਰੂਹ ਆਜ਼ਾਦ ਸੀ ਉਹਨਾਂ ਨੇ ਆਉਣ ਵਾਲੀਆਂ ਨਸਲਾਂ ਲਈ ਪੂਰਨੇ ਪਾਏ। ਇਹਨਾਂ ਪੂਰਨਿਆਂ ਤੇ ਤੁਰਨ ਵਾਲਿਆਂ ਨੇ ਕੌਮਾਂ ਦਾ ਭਵਿੱਖ ਉਜੱਵਲ ਕੀਤਾ।
15 ਅਗਸਤ 1947 ਭਾਰਤ ਦੀ ਆਜ਼ਾਦੀ ਦਾ ਇਤਿਹਾਸਕ ਦਿਨ ਹੈ। ਆਜ਼ਾਦ ਹਿੰਦ ਫੌਜ ਦੇ ਪਰਵਾਨਿਆਂ, ਅਕਾਲੀਆਂ ਅਤੇ ਬੱਬਰ ਅਕਾਲੀਆਂ ਦੀਆਂ ਕੁਰਬਾਨੀਆਂ ਦੇ ਨਾਲ-ਨਾਲ ਸਾਰੇ ਹਿੰਦੁਸਤਾਨ ਵਿਚ ਗੁਲਾਮੀ ਦੇ ਵਿਰੋਧ ਨੇ ਆਜ਼ਾਦੀ ਦੀ ਤਾਂਘ ਦੀ ਲਹਿਰ ਪੈਦਾ ਕੀਤੀ। ਇਸ ਦੇ ਨਾਲ ਹੀ ਵਿਸ਼ਵ-ਯੁੱਧ, ਜੰਗੇਅਜ਼ੀਮ ਨੇ ਅੰਗਰੇਜ਼ਾਂ ਨੂੰ ਮੁਲਕ ਛਡਣ ਲਈ ਮਜ਼ਬੂਰ ਕਰ ਦਿੱਤਾ।
ਇਸ ਉਪ ਮਹਾਂਦੀਪ ਵਿਚ ਭਾਰਤ ਦੀ ਪ੍ਰਭੂ ਸੱਤਾ ਲਈ ਤਿੰਨ ਧਿਰਾਂ ਸਨ। ‘ਹਿੰਦੂ ਕਾਂਗਰਸ’, ‘ਮੁਸਲਿਮ ਲੀਗ’ ਅਤੇ ‘ਅਕਾਲੀ ਦਲ’। ਕਾਂਗਰਸ ਅਤੇ ਇਸ ਦੇ ਪਿਤਾਮਾ ਮਹਾਤਮਾ ਗਾਂਧੀ ਨੇ ਵਾਰ-ਵਾਰ ਇਹ ਯਕੀਨ ਦਿਵਾਇਆ ਸੀ ਕਿ ਦੇਸ਼ ਦੀ ਵੰਡ ਮਾਂ ਦੇ ਟੋਟੇ ਕਰਣ ਤੁਲ ਹੋਏਗੀ ਤੇ ਕਤਈ ਪ੍ਰਵਾਨ ਨਹੀਂ ਕੀਤੀ ਜਾਵੇਗੀ। ਦੂਸਰੇ ਪਾਸੇ ਮੁਸਲਿਮ ਲੀਗ ਦੇਸ਼ ਦੀ ਵੰਡ ਕਰਕੇ ਵਖਰਾ ਮੁਲਕ ਬਣਾਉਣ ਲਈ ਦ੍ਰਿੜ ਸੰਕਲਪ ਸੀ।
ਇਸ ਦੌਰਾਨ ਕਾਂਗਰਸ ਨੇ ਛੋਟੀ ਪਰ ਅਹਿਮ ਤੀਸਰੀ ਧਿਰ ਸਿੱਖਾਂ ਨਾਲ ਵਿਸ਼ਵਾਸਘਾਤ ਕਰਕੇ ਰਾਜਾ-ਗਾਂਧੀ ਫਾਰਮੂਲੇ ਮੁਤਾਬਿਕ ਦੇਸ਼ ਦੀ ਤਕਸੀਮ ਪ੍ਰਵਾਨ ਕਰ ਲਈ। ਸਿੱਖ ਕੌਮ ਦੇ ਇਤਿਹਾਸ ਵਿਚ ਇਹ ਇਕ ਅਸਹਿ ਅਤੇ ਅਪ੍ਰਵਾਨ ਫੈਸਲਾ ਸੀ। ਦੇਸ਼ ਦੀ ਇਸ ਸੁਝਾਈ ਵੰਡ ਨਾਲ ਦੇਸ਼ ਦੇ ਹੀ ਟੋਟੇ ਨਹੀਂ ਸੀ ਹੋਣੇ ਬਲਕਿ ਕਰਨਾਲ ਤਕ ਦਾ ਇਲਾਕਾ ਪਾਕਿਸਤਾਨ ਵਿਚ ਜਾ ਰਿਹਾ ਸੀ। ਇਸ ਦੇ ਨਾਲ ਹੀ ਸਿੱਖ ਕੌਮ ਦੋ ਬਰਾਬਰ ਹਿੱਸਿਆਂ ਵਿਚ ਵੰਡੀ ਜਾ ਰਹੀ ਸੀ। ਅੱਧੀ ਹਿੰਦੁਸਤਾਨ ਵਿਚ ਅਤੇ ਅੱਧੀ ਪਾਕਿਸਤਾਨ ਵਿਚ। ਇਹ ਵੰਡ ਦੇਸ਼ ਦੀ ਨਹੀਂ ਬਲਕਿ ਸਿੱਖ ਕੌਮ ਦੇ ਦੋ ਟੁਕੜੇ ਕਰਦੀ ਸੀ। ਇਹਨਾਂ ਦੋ ਛੋਟੇ-ਛੋਟੇ ਟੁਕੜਿਆਂ ਦਾ ਦੋ ਵਿਰੋਧੀ ਹਕੂਮਤਾਂ ਦੇ ਅਧੀਨ ਹੋਣ ਵਾਲਾ ਹਸ਼ਰ ਕਿਆਸ ਆਰਾਈ ਅਤੇ ਅੰਦਾਜ਼ੇ ਤੋਂ ਬਾਹਰ ਹੈ।
ਸਿੱਖ ਕੌਮ ਅਤੇ ਲੀਡਰਸ਼ਿਪ ਨੂੰ ਇਹ ਆਤਮਘਾਤੀ ਸੌਦਾ ਬਿਲਕੁਲ ਮਨਜ਼ੂਰ ਨਹੀਂ ਸੀ। ਪੰਜਾਬ ਅਤੇ ਹਿੰਦੂ ਸਿੱਖਾਂ ਦੇ ਵਾਹਿਦ ਲੀਡਰ ਮਾਸਟਰ ਤਾਰਾ ਸਿੰਘ ਨੇ ਇਹ ਮੰਗ ਰੱਖੀ ਕਿ ਜੇ ਦੇਸ਼ ਦੀ ਵੰਡ ਹੋਣੀ ਹੈ ਤਾਂ ਪੰਜਾਬ ਦੀ ਵੰਡ ਵੀ ਕੀਤੀ ਜਾਏ। ਸਾਡੇ ਹਿੱਸੇ ਦਾ ਪੰਜਾਬ ਸਾਨੂੰ ਦਿੱਤਾ ਜਾਏ। ਇਹ ਮੰਗ ਕਾਂਗਰਸ ਦੇ ਛੇਤੀ ਰਾਜਭਾਗ ਤੇ ਕਾਬਜ਼ ਹੋਣ ਅਤੇ ਮੁਸਲਿਮ ਲੀਗ ਦੇ ਪੂਰੇ ਪੰਜਾਬ ਅਤੇ ਬੰਗਾਲ ਨੂੰ ਆਪਣੇ ਅਧੀਨ ਕਰ ਕੇ ਮੁੜ ‘ਮੁਗਲ ਰਾਜ’ ਦੇ ਸੁਪਨੇ ਵਿਚ ਬਹੁਤ ਵੱਡੀ ਰੁਕਾਵਟ ਸੀ।
ਇਸ ਦੌਰਾਨ ਸਿੱਖਾਂ ਨੂੰ ਪਾਕਿਸਤਾਨ ਜਾਂ ਹਿੰਦੁਸਤਾਨ ਦੇ ਨਾਲ ਰੱਖਣ ਲਈ ਲਾਰੇ, ਵਾਅਦੇ, ਲਾਲਚ, ਡਰ ਸਾਰੇ ਹੱਥ ਕੰਡੇ ਵਰਤੇ ਗਏ। ਪਰ ਮਾਸਟਰ ਤਾਰਾ ਸਿੰਘ ਦੀ ਦ੍ਰਿੜਤਾ ਅਤੇ ਲਾਹੌਰ ਅਸੰਬਲੀ ਦੇ ਬਾਹਰ ‘ਸ੍ਰੀ ਸਾਹਿਬ’ ਚੁਕ ਕੇ ‘ਪਾਕਿਸਤਾਨ ਮੁਰਦਾਬਾਦ’ ਦੇ ਇਤਿਹਾਸਕ ਨਾਅਰੇ ਨੇ ਕਾਂਗਰਸ-ਮੁਸਲਿਮ ਲੀਗ ਦੇ ਸਾਂਝੇ ਕੁਚੀਲ ਮਨਸੂਬੇ ਨੂੰ ਦਫਨ ਕਰ ਦਿੱਤਾ।
ਇਸ ਤੋਂ ਬਾਅਦ ਸ਼ੁਰੂ ਹੋਇਆ ਸਿੱਖਾਂ ਤੇ ਦਮਨ ਕੁਪ੍ਰਚਾਰ ਦਾ ਸਰਾਸਰ ਝੂਠਾ ਚੱਕਰ ਕਿ ਅੰਗਰੇਜ਼ ਤਾਂ ਸਿੱਖ ਰਾਜ ਦਿੰਦੇ ਸਨ, ਉਸ ਸਮੇਂ ਦੀ ਲੀਡਰ ਸ਼ਿਪ ਨੇ ਨਹੀਂ ਲਿਆ। ਆਜ਼ਾਦ ਭਾਰਤ ਵਿਚ ਸਿੱਖਾਂ ਨਾਲ ਵਿਤਕਰਿਆਂ ਧੱਕੇ, ਜ਼ੁਲਮ ਤੇ ਬੇਇਨਸਾਫੀਆਂ ਨੇ ਇਸ ਇਲਜ਼ਾਮ ਅਤੇ ਪੰਥ ਪ੍ਰਸਤ ਲੀਡਰਸ਼ਿਪ ਨੂੰ ਭੰਡਣ ਵਿਚ ਸਹਾਇਤਾ ਕੀਤੀ। ਪਰ ਜਿਹੜੀ ਦੇਣ ਮਾਸਟਰ ਤਾਰਾ ਸਿੰਘ ਦੀ ਅਗਵਾਈ ਵਿਚ ਸ਼੍ਰੋਮਣੀ ਅਕਾਲੀ ਦਲ ਦੀ ਹੈ। ਭਾਰਤ ਵਰਸ਼ ਇਸ ਦੇ ਆਗੂਆਂ ਅਤੇ ਦੇਸ਼ ਵਾਸੀਆਂ ਨੇ ਉਸ ਨੂੰ ਨਜ਼ਰ ਅੰਦਾਜ਼ ਕਰ ਕੇ ਬਹੁਤ ਵੱਡੀ ਅਕਿਰਤਘਣਤਾ ਨੂੰ ਜਨਮ ਦਿੱਤਾ ਹੈ।
Tags: August 1947, Independance, India, Master Tara Singh, Mohamma, Pakistan, Punjab